ਨੇਤਰਹੀਣਾਂ ਲਈ ਵਰਦਾਨ ਸਿੱਧ ਹੋਵੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਰੇਲ ਲਿਪੀਅੰਤਰਣ

 ਬਰੇਲ ਲਿਪੀ ਵਿਚ ਤਿਆਰ ਕੀਤੇ ਜਾ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਦੀ ਸੁਧਾਈ ਕਰਦੇ ਹੋਏ।

ਸਾਬਕਾ ਹਜ਼ੂਰੀ ਰਾਗੀ ਭਾਈ ਗੁਰਮੇਜ ਸਿੰਘ

ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਨ 1604 ਈ: ਵਿਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਸ੍ਰੀ ਰਾਮਸਰ ਸਾਹਿਬ, ਅੰਮ੍ਰਿਤਸਰ ਦੇ ਅਸਥਾਨ 'ਤੇ ਤਿਆਰ ਕਰਵਾਈ ਸੀ, ਜਿਸ ਵਿਚ ਸਿੱਖ ਗੁਰੂ ਸਾਹਿਬਾਨ ਤੋਂ ਇਲਾਵਾ ਮਹਾਨ ਸੰਤਾਂ ਭਗਤਾਂ ਦੀ ਬਾਣੀ ਨੂੰ ਵੀ ਸ਼ਾਮਿਲ ਕੀਤਾ ਗਿਆ। ਇਸ ਪਾਵਨ ਬੀੜ ਨੂੰ ਹੱਥੀਂ ਲਿਖਣ ਦੀ ਸੇਵਾ ਭਾਈ ਗੁਰਦਾਸ ਜੀ ਵੱਲੋਂ ਨਿਭਾਈ ਗਈ ਸੀ। ਬਾਅਦ ਵਿਚ ਇਸ ਬੀੜ ਦੇ ਹੋਰ ਉਤਾਰੇ ਕੀਤੇ ਗਏ ਤੇ ਹੁਣ ਇਸ ਧੁਰ ਕੀ ਬਾਣੀ ਦੇ ਕਈ ਵੱਖ-ਵੱਖ ਭਾਸ਼ਾਵਾਂ ਵਿਚ ਲਿਪੀਅੰਤਰਣ ਹੋ ਚੁੱਕੇ ਹਨ। ਹੁਣ ਨੇਤਰਹੀਣ ਤੇ ਸੂਰਮੇ ਸਿੰਘਾਂ ਦੀ ਲੋੜ ਨੂੰ ਮੁੱਖ ਰੱਖਦਿਆਂ ਇਸ ਪਾਵਨ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਨੂੰ ਪਹਿਲੀ ਵਾਰ ਬਰੇਲ ਲਿਪੀ ਵਿਚ ਛਾਪਣ ਦਾ ਉਪਰਾਲਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਅਤੇ ਭਾਸ਼ਾ ਵਿਭਾਗ ਪੰਜਾਬ ਤੋਂ ਸੰਨ 1997 ਵਿਚ ਸ਼੍ਰੋਮਣੀ ਰਾਗੀ ਦਾ ਐਵਾਰਡ ਪ੍ਰਾਪਤ ਭਾਈ ਗੁਰਮੇਜ ਸਿੰਘ ਵੱਲੋਂ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚੋਂ ਕੁਝ ਬਾਣੀਆਂ ਦਾ ਹੀ ਬਰੇਲ ਲਿਪੀ ਵਿਚ ਲਿਪੀਅੰਤਰਣ ਭਾਈ ਗੁਰਮੇਜ ਸਿੰਘ ਵੱਲੋਂ ਹੀ ਕੀਤਾ ਜਾ ਚੁੱਕਾ ਹੈ ਪਰ ਇਹ ਪਹਿਲੀ ਵਾਰ ਹੈ ਕਿ ਬਰੇਲ ਲਿਪੀ ਵਿਚ ਛਪ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਸੂਰਮੇ ਸਿੰਘ ਤੇ ਨੇਤਰਹੀਣ ਵਿਅਕਤੀ ਕਰ ਸਕਣਗੇ।

 

ਸਾਬਕਾ ਹਜ਼ੂਰੀ ਰਾਗੀ ਭਾਈ ਗੁਰਮੇਜ ਸਿੰਘ, ਜਿਨ੍ਹਾਂ ਦੀ ਮਿੱਠੀ ਆਵਾਜ਼ ਵਿਚ ਗੁਰਮਤਿ ਸੰਗੀਤ ਪ੍ਰੇਮੀ 'ਹਰਿ ਜੀਓ ਨਿਮਾਣਿਆ ਤੂ ਮਾਣ' ਆਦਿ ਸ਼ਬਦ ਸੁਣਦੇ ਰਹਿੰਦੇ ਹਨ, ਇਸ ਔਖੇ, ਨਿਵੇਕਲੇ ਤੇ ਇਤਿਹਾਸਕ ਕਾਰਜ ਨੂੰ ਪੂਰਾ ਕਰਨ ਲਈ ਦੋ ਕੁ ਵਰ੍ਹਿਆਂ ਤੋਂ ਯਤਨਸ਼ੀਲ ਹਨ। ਬੀਤੇ ਦਿਨੀਂ ਇਸ 'ਅਜੀਤ' ਪ੍ਰਤੀਨਿਧ ਤੇ 'ਅਜੀਤ' ਦੇ ਪ੍ਰੈਸ ਫੋਟੋਗ੍ਰਾਫਰ ਸ: ਨਿਰਮਲ ਸਿੰਘ ਧੀਰ ਵੱਲੋਂ ਭਾਈ ਸਾਹਿਬ ਦੇ ਸੁਲਤਾਨਵਿੰਡ ਚੌਕ ਨੇੜੇ ਅੰਮ੍ਰਿਤਸਰ ਵਿਖੇ ਸਥਿਤ ਨਿਵਾਸ ਅਸਥਾਨ 'ਤੇ ਉਨ੍ਹਾਂ ਨਾਲ ਇਸ ਸਬੰਧੀ ਵਿਸਥਾਰਤ ਗੱਲਬਾਤ ਕੀਤੀ ਗਈ, ਜਿਸ ਦੇ ਕੁਝ ਅੰਸ਼ ਇਥੇ ਪ੍ਰਕਾਸ਼ਿਤ ਕਰਨ ਦੀ ਖੁਸ਼ੀ ਲੈ ਰਹੇ ਹਾਂ :

 

ਸਿੱਖ ਪੰਥ ਦੇ ਮਹਾਨ ਤੇ ਸੁਰੀਲੇ ਰਾਗੀ ਸਿੰਘਾਂ ਵਿਚ ਸ਼ੁਮਾਰ ਹੁੰਦੇ ਭਾਈ ਗੁਰਮੇਜ ਸਿੰਘ ਦਾ ਜਨਮ ਸੰਨ 1940 ਵਿਚ ਰਾਹੋਂ ਨੇੜੇ ਪਿੰਡ ਵਜੀਦਪੁਰ (ਹੁਣ ਜ਼ਿਲ੍ਹਾ ਨਵਾਂਸ਼ਹਿਰ) ਵਿਖੇ ਹੋਇਆ। ਸੰਨ 47 ਦੀ ਚੰਦਰੀ ਵੰਡ ਬਾਲ ਵਰੇਸੇ ਭਾਈ ਗੁਰਮੇਜ ਸਿੰਘ ਨੇ ਆਪਣੀਆਂ ਅੱਖਾਂ ਨਾਲ ਵੇਖੀ ਪਰ ਸੰਨ 1948 ਵਿਚ ਮਾਤਾ ਨਿਕਲਣ ਕਾਰਨ ਉਨ੍ਹਾਂ ਦੀਆਂ ਅੱਖਾਂ ਦੀ ਜੋਤ ਹਮੇਸ਼ਾ ਲਈ ਜਾਂਦੀ ਰਹੀ। ਦੋ ਸਾਲ ਡਾਕਟਰਾਂ ਮਗਰ ਫਿਰਨ ਤੋਂ ਬਾਅਦ ਵੀ ਅੱਖਾਂ ਦੀ ਜੋਤ ਵਾਪਸ ਨਾ ਆ ਸਕੀ। ਅਖੀਰ ਪਿੰਡ ਲਸਾੜਾ ਵਿਖੇ ਰਹਿੰਦੇ ਨੇਤਰਹੀਣ ਭਾਈ ਦਲ ਸਿੰਘ ਦੀ ਸਲਾਹ 'ਤੇ ਸੰਨ 1950 ਵਿਚ ਉਹ ਚੀਫ਼ ਖ਼ਾਲਸਾ ਦੀਵਾਨ ਵੱਲੋਂ ਅੰਮ੍ਰਿਤਸਰ ਵਿਖੇ ਚਲਾਏ ਜਾ ਰਹੇ ਸੈਂਟਰਲ ਖ਼ਾਲਸਾ ਯਤੀਮਖਾਨਾ ਦੇ ਸੂਰਮਾ ਸਿੰਘ ਆਸ਼ਰਮ ਵਿਖੇ ਦਾਖਲ ਹੋ ਗਏ। ਇਥੇ ਉਨ੍ਹਾਂ ਨੂੰ ਮਹਾਨ ਅਧਿਆਤਮਵਾਦੀ ਸ਼ਾਇਰ ਭਾਈ ਸਾਹਿਬ ਭਾਈ ਵੀਰ ਸਿੰਘ ਦੀ ਸੰਗਤ ਦਾ ਅਨੰਦ ਮਾਣਨ ਦਾ ਸੁਭਾਗ ਮਿਲਿਆ ਅਤੇ ਗੁਰਬਾਣੀ ਦਾ ਕੰਠ ਕਰਕੇ ਪਾਠ ਕਰਨ ਦੀ ਸਿੱਖਿਆ ਮਿਲੀ। ਇਥੇ ਰਹਿੰਦਿਆਂ ਭਾਈ ਗੁਰਮੇਜ ਸਿੰਘ ਨੇ ਬਰੇਲ ਲਿਪੀ ਸਿੱਖੀ ਅਤੇ ਇਥੇ ਹੀ ਕੀਰਤਨ ਦੀ ਸਿਖਲਾਈ ਪ੍ਰਾਪਤ ਕੀਤੀ। 1958-59 ਵਿਚ ਉਨ੍ਹਾਂ ਗੁ: ਸ੍ਰੀ ਨਾਨਕਸਰ ਸਾਹਿਬ ਵੇਰਕਾ ਵਿਖੇ ਕੀਰਤਨ ਕਰਨ ਦੀ ਸੇਵਾ ਕੀਤੀ। ਇਸ ਤੋਂ ਬਾਅਦ ਉਹ ਸੰਨ 1971 ਤੱਕ 11 ਸਾਲ ਲਗਾਤਾਰ ਦੇਹਰਾਦੂਨ ਵਿਖੇ ਇਕ ਗੁਰਦੁਆਰਾ ਸਾਹਿਬ ਕੀਰਤਨ ਕਰਨ ਦੀ ਸੇਵਾ ਕਰਦੇ ਰਹੇ।

 

ਉਨ੍ਹਾਂ ਦੀ ਮਿੱਠੀ ਤੇ ਮਧੁਰ ਆਵਾਜ਼ ਵਿਚ ਟੀ-ਸੀਰੀਜ਼ ਸਮੇਤ ਕਈ ਕੰਪਨੀਆਂ ਵੱਲੋਂ ਗੁਰਬਾਣੀ ਸੰਗੀਤ ਦੀਆਂ ਕਈ ਐਲਬਮਾਂ ਵੀ ਮਾਰਕਿਟ ਵਿਚ ਆਈਆਂ ਸਨ। ਚੀਫ਼ ਖਾਲਸਾ ਦੀਵਾਨ ਅਤੇ ਸ਼੍ਰ੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਕ੍ਰਮਵਾਰ ਸੰਨ 1988 ਅਤੇ 1991 ਵਿਚ ਭਾਈ ਸੰਤਾ ਸਿੰਘ ਐਵਾਰਡ ਅਤੇ ਸ਼੍ਰੋਮਣੀ ਰਾਗੀ ਐਵਾਰਡ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਸੀ। ਸੰਨ 1969 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਮੌਕੇ ਨੇਤਰਹੀਣਾਂ ਲਈ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਦਾ ਲਿਪੀਅੰਤਰ ਬਰੇਲ ਲਿਪੀ ਵਿਚ ਕਰਕੇ 500 ਗੁਟਕੇ ਤਿਆਰ ਕੀਤੇ ਗਏ। ਫਿਰ ਸੰਨ 1975 ਅਤੇ 1979 ਈ: ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੀਆਂ ਮਨਾਈਆਂ ਗਈਆਂ ਸ਼ਤਾਬਦੀਆਂ ਮੌਕੇ ਸ਼੍ਰੋਮਣੀ ਕਮੇਟੀ ਦੀ ਸਹਾਇਤਾ ਨਾਲ ਨਿੱਤਨੇਮ ਆਦਿ ਦੇ ਬਰੇਲ ਲਿਪੀ ਵਿਚ ਗੁਟਕੇ ਤਿਆਰ ਕਰਵਾਏ ਗਏ। 27 ਮਾਰਚ 1971 ਤੋਂ 31 ਅਕਤੂਬਰ 1998 ਤੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਜ਼ੂਰੀ ਕੀਰਤਨੀਏ ਵਜੋਂ ਭਾਈ ਸਾਹਿਬ ਨੂੰ ਕੀਰਤਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ।

 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਨੂੰ ਬਰੇਲ ਲਿਪੀ ਵਿਚ ਪ੍ਰਕਾਸ਼ਿਤ ਕਰਨ ਬਾਰੇ ਪੁੱਛੇ ਜਾਣ 'ਤੇ ਭਾਈ ਸਾਹਿਬ ਨੇ ਕਿਹਾ ਕਿ ਉਹ ਖੁਦ ਨੇਤਰਹੀਣ ਹੋਣ ਕਰਕੇ ਨੇਤਰਹੀਣ ਤੇ ਸੂਰਮੇ ਸਿੰਘਾਂ ਖਾਸ ਕਰ ਗੁਰੂ-ਘਰ ਦੇ ਕੀਰਤਨੀਆਂ ਨੂੰ ਗੁਰਬਾਣੀ ਕੰਠ ਤੇ ਗਾਇਨ ਕਰਨ ਵੇਲੇ ਆਉਂਦੀਆਂ ਪ੍ਰੇਸ਼ਾਨੀਆਂ ਤੋਂ ਭਲੀਭਾਂਤ ਜਾਣੂੰ ਸਨ। ਉਨ੍ਹਾਂ ਕਿਹਾ ਕਿ ਉਹ ਮਹਿਸੂਸ ਕਰਦੇ ਸਨ ਕਿ ਸੂਰਮੇ ਸਿੰਘਾਂ ਵੱਲੋਂ ਕਿਸੇ ਦੂਜੇ ਤੋਂ ਸੁਣ ਕੇ ਕੰਠ ਕੀਤੀ ਜਾਂਦੀ ਬਾਣੀ ਦਾ ਕਈ ਵਾਰ ਸ਼ੁੱਧ ਉਚਾਰਨ ਨਹੀਂ ਹੁੰਦਾ, ਇਸ ਲਈ ਜਿਹੜੀ ਲਿਪੀ ਸੂਰਮੇ ਸਿੰਘ ਖੁਦ ਪੜ੍ਹ ਸਕਦੇ ਹਨ, ਉਸੇ ਵਿਚ ਹੀ ਸਮੁੱਚੀ ਬਾਣੀ ਦਾ ਲਿਪੀਅੰਤਰ ਕੀਤਾ ਜਾਣਾ ਚਾਹੀਦਾ ਹੈ। ਇਹ ਕਾਰਜ ਹੈ ਤਾਂ ਬਹੁਤ ਵੱਡਾ ਸੀ ਪਰ ਗੁਰੂ ਸਾਹਿਬ ਦੀ ਕਿਰਪਾ ਅਤੇ ਮੇਰੇ (ਭਾਈ ਗੁਰਮੇਜ ਸਿੰਘ ਦੇ) ਦੇ ਨਿਊਜ਼ੀਲੈਂਡ ਵੱਸਦੇ ਰਿਸ਼ਤੇ 'ਚੋਂ ਭਤੀਜੇ ਲਗਦੇ ਸ: ਗੁਰਪ੍ਰੀਤ ਸਿੰਘ ਦੇ ਸਹਿਯੋਗ ਤੇ ਹੱਲਾਸ਼ੇਰੀ ਨਾਲ ਦੋ ਕੁ ਸਾਲ ਪਹਿਲਾਂ ਸਤੰਬਰ 2009 ਵਿਚ ਆਰੰਭ ਕਰ ਦਿੱਤਾ ਗਿਆ।

 

ਬਰੇਲ ਲਿਪੀ ਦੀ ਛਪਾਈ ਵਾਲੀ ਪ੍ਰੈੱਸ ਦੀ ਪੰਜਾਬ ਵਿਚ ਸੁਵਿਧਾ ਨਾ ਹੋਣ ਕਾਰਨ ਅਖੀਰ ਉਨ੍ਹਾਂ ਨੇ ਮੁੰਬਈ ਵਿਖੇ ਸਥਿਤ ਹੈਲਨ ਕੇਲਰ ਇੰਸਟੀਚਿਊਟ ਡਫ ਐਂਡ ਬਲਾਈਂਡ ਦੀ ਬਰੇਲ ਲਿਪੀ ਛਾਪਣ ਵਾਲੀ ਪ੍ਰੈੱਸ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸੈਂਚੀਆਂ ਦੇ ਰੂਪ ਵਿਚ ਛਾਪਣ ਦਾ ਫੈਸਲਾ ਕੀਤਾ ਪਰ ਸਮੱਸਿਆ ਇਹ ਸੀ ਕਿ ਉਥੋਂ ਦਾ ਸਟਾਫ ਪੰਜਾਬੀ ਘੱਟ ਜਾਣਦਾ ਸੀ। ਇਸ ਲਈ ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਿੰਦੀ ਲਿਪੀਅੰਤਰ ਵਾਲੀ ਬਾਣੀ ਮੁਹੱਈਆ ਕੀਤੀ ਗਈ। ਉਹ ਕੁਝ ਪੋਥੀਆਂ ਛਾਪ ਕੇ ਅੰਮ੍ਰਿਤਸਰ ਭੇਜਦੇ ਸਨ, ਜਿਨ੍ਹਾਂ ਦੀ ਪਰੂਫ ਰੀਡਿੰਗ ਬੜੀ ਮਿਹਨਤ ਨਾਲ ਭਾਈ ਗੁਰਮੇਜ ਸਿੰਘ ਵੱਲੋਂ ਕੀਤੀ ਜਾਂਦੀ ਸੀ ਪਰ ਇਸ ਤਰ੍ਹਾਂ ਸਮਾਂ ਜ਼ਿਆਦਾ ਲੱਗਣ ਕਰਕੇ ਅਖੀਰ ਭਾਈ ਗੁਰਮੇਜ ਸਿੰਘ ਅਤੇ ਉਨ੍ਹਾਂ ਦੇ ਭਣੇਵੇਂ ਸ: ਗੁਰਪ੍ਰੀਤ ਸਿੰਘ ਨੇ ਕੁਝ ਸਮਾਂ ਮੁੰਬਈ ਵਿਖੇ ਰਹਿ ਕੇ ਹੀ ਪਰੂਫ ਰੀਡਿੰਗ ਕਰਨ ਤੇ ਇਸ ਸੇਵਾ ਕੇ ਕਾਰਜ ਨੂੰ ਜਲਦੀ ਪੂਰਾ ਕਰਨ ਦਾ ਫੈਸਲਾ ਕੀਤਾ। ਭਾਈ ਸਾਹਿਬ ਦੱਸਦੇ ਹਨ ਕਿ ਕੇਂਦਰੀ ਸਿੰਘ ਸਭਾ ਦੇ ਪ੍ਰਧਾਨ ਸ: ਕੁਲਵੰਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੇ ਸਹਿਯੋਗ ਨਾਲ ਉਹ ਲਗਾਤਾਰ ਇਕ ਮਹੀਨੇ ਤੋਂ ਵੱਧ ਸਮਾਂ ਮੁੰਬਈ ਵਿਖੇ ਰਹੇ ਤੇ ਦਿਨ-ਰਾਤ ਪਰੂਫ ਰੀਡਿੰਗ ਦਾ ਕਾਰਜ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਉਹ ਤੀਸਰੀ ਵਾਰ ਪਰੂਫ ਰੀਡਿੰਗ ਕਰ ਰਹੇ ਹਨ ਤਾਂ ਕਿ ਕਿਸੇ ਵੀ ਗ਼ਲਤੀ ਦੀ ਗੁੰਜਾਇਸ਼ ਨਾ ਰਹੇ। ਉਨ੍ਹਾਂ ਦੱਸਿਆ ਕਿ ਪਹਿਲਾਂ ਜਦੋਂ ਪ੍ਰਕਾਸ਼ਨਾ ਆਰੰਭ ਕੀਤੀ ਗਈ ਸੀ, ਉਦੋਂ ਇਸ ਦੀਆਂ 24 ਪੋਥੀਆਂ ਬਣਨੀਆਂ ਸਨ ਪਰ ਬਾਅਦ ਵਿਚ ਇਸ ਦੇ ਪੰਨਿਆਂ ਦਾ ਆਕਾਰ ਵਧਾ ਕੇ 11 ਗੁਣਾ 12 ਇੰਚ ਕਰ ਦਿੱਤਾ ਹੈ ਤੇ ਇਸ ਤਰ੍ਹਾਂ ਇਸ ਦੀਆਂ ਹੁਣ 16 ਪੋਥੀਆਂ ਤਿਆਰ ਹੋਣਗੀਆਂ।

 

ਉਨ੍ਹਾਂ ਆਖਿਆ ਕਿ ਬਰੇਲ ਲਿਪੀ ਵਿਚ ਤਿਆਰ ਹੋ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਗਿਣਤੀ 2148 ਹੈ। ਉਨ੍ਹਾਂ ਕਿਹਾ ਕਿ ਭਾਵੇਂ ਉਹ ਛਪਾਈ ਲਈ ਵਧੀਆ ਕਾਗਜ਼ ਦੀ ਵਰਤੋਂ ਕਰ ਰਹੇ ਹਨ ਪਰ ਉਨ੍ਹਾਂ ਦੀ ਇੱਛਾ ਹੈ ਕਿ ਅਮਰੀਕਾ ਨਿਰਮਤ ਪਲਾਸਟਿਕ ਪੇਪਰ 'ਤੇ ਇਸ ਦੀ ਛਪਾਈ ਹੋਵੇ ਤਾਂ ਕਿ ਕਾਗਜ਼ ਵਾਲੇ ਪੰਨਿਆਂ ਤੋਂ ਨੇਤਰਹੀਣਾਂ ਵੱਲੋਂ ਪਾਠ ਕਰਨ ਸਮੇਂ ਬਰੇਲ ਲਿਪੀ ਦੀਆਂ ਬਿੰਦੀਆਂ ਆਦਿ ਘਸ ਕੇ ਖ਼ਰਾਬ ਨਾ ਹੋ ਜਾਣ। ਇਸ ਦੇ ਮੁਕਾਬਲੇ ਪਲਾਸਟਿਕ ਪੇਪਰ ਦੀ ਘਸਾਈ ਬਹੁਤ ਘੱਟ ਹੁੰਦੀ ਹੈ। ਇਕ ਸੁਆਲ ਦੇ ਜਵਾਬ ਵਿਚ ਭਾਈ ਸਾਹਿਬ ਨੇ ਦੱਸਿਆ ਕਿ ਫਿਲਹਾਲ ਬਰੇਲ ਲਿਪੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਦੇ ਰੂਪ ਵਿਚ ਪੰਜ ਪਾਵਨ ਬੀੜਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਭਾਈ ਸਾਹਿਬ ਨੇ ਕਿਹਾ ਕਿ ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਇਨ੍ਹਾਂ ਵਿਚੋਂ ਇਕ ਬੀੜ ਦਾ ਪ੍ਰਕਾਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਕਰੇ ਤੇ ਇਸ ਲਈ ਇਕ ਹਾਲ ਜਾਂ ਵਿਸ਼ੇਸ਼ ਕਮਰਾ ਤਿਆਰ ਕਰਵਾਏ, ਜਿਥੇ ਜਾ ਕੇ ਕੋਈ ਵੀ ਨੇਤਰਹੀਣ ਵਿਅਕਤੀ ਇੱਛਾ ਅਨੁਸਾਰ ਇਸ ਬੀੜ ਤੋਂ ਪਾਠ ਕਰ ਸਕੇ ਜਾਂ ਇਸ ਦਾ ਸਹਿਜ ਪਾਠ ਕਰ ਸਕੇ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਬਾਕੀ ਸਰੂਪ ਉਹ ਸਿੱਖੀ ਦਾ ਪ੍ਰਚਾਰ ਕਰ ਰਹੀਆਂ ਨੇਤਰਹੀਣ ਸੰਸਥਾਵਾਂ ਨੂੰ ਕਰਨਾ ਚਾਹੁੰਦੇ ਹਨ। ਇਸ ਨਿਵੇਕਲੇ ਕਾਰਜ 'ਤੇ ਆਏ ਖਰਚ ਬਾਰੇ ਪੁੱਛੇ ਜਾਣ 'ਤੇ ਭਾਈ ਸਾਹਿਬ ਨੇ ਹੱਸ ਕੇ ਗੱਲ ਟਾਲਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਤੇ ਉਨ੍ਹਾਂ ਦਾ ਭਣੇਵਾਂ ਸ: ਗੁਰਪ੍ਰੀਤ ਸਿੰਘ ਮਿਲ ਕੇ ਇਹ ਸੇਵਾ ਖੁਦ ਹੀ ਕਰ ਰਹੇ ਹਨ ਤੇ ਸ਼੍ਰੋਮਣੀ ਕਮੇਟੀ ਸਮੇਤ ਕਿਸੇ ਸੰਸਥਾ ਤੋਂ ਵੀ ਕੋਈ ਵੀ ਆਰਥਿਕ ਸਹਾਇਤਾ ਨਹੀਂ ਮੰਗੀ। ਉਨ੍ਹਾਂ ਕਿਹਾ ਕਿ ਹੁਣ ਬਰੇਲ ਲਿਪੀ ਵਿਚ ਤਿੰਨ ਵਾਰ ਸੁਧਾਈ ਉਪਰੰਤ ਇਸ ਦੀ ਸੀ. ਡੀ. ਤਿਆਰ ਹੋ ਰਹੀ ਹੈ ਤੇ ਭਵਿੱਖ ਵਿਚ ਲੋੜ ਅਨੁਸਾਰ ਇਸ ਤੋਂ ਹੋਰ ਸਰੂਪ ਤਿਆਰ ਕੀਤੇ ਜਾ ਸਕਦੇ ਹਨ। ਯੂਨੀਵਰਸਿਟੀਆਂ ਤੇ ਸੰਸਥਾਵਾਂ ਵੱਲੋਂ ਕੀਤਾ ਜਾਣ ਵਾਲਾ ਵੱਡਾ ਕਾਰਜ ਭਾਈ ਗੁਰਮੇਜ ਸਿੰਘ ਵੱਲੋਂ ਕੇਵਲ ਆਪਣੇ ਇਕ ਨਜ਼ਦੀਕੀ ਰਿਸ਼ਤੇਦਾਰ ਦੀ ਸਹਾਇਤਾ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਇਸ ਸਾਰੀ ਸੇਵਾ ਪਿੱਛੇ ਭਾਈ ਸਾਹਿਬ ਨੂੰ ਆਪਣੀ ਧਰਮ ਪਤਨੀ ਸ੍ਰੀਮਤੀ ਬਲਬੀਰ ਕੌਰ ਅਤੇ ਦੋਨੋਂ ਬੇਟਿਆਂ ਭਾਈ ਗੁਰਪ੍ਰੀਤ ਸਿੰਘ (ਜੋ ਕਿ ਗੁ: ਸ੍ਰੀ ਸੰਤੋਖਸਰ ਵਿਖੇ ਹਜ਼ੂਰੀ ਰਾਗੀ ਹਨ) ਅਤੇ ਭਾਈ ਹਰਪ੍ਰੀਤ ਸਿੰਘ ਭਗਤ ਅਤੇ ਬੇਟੀਆਂ ਸਤਨਾਮ ਕੌਰ ਨਿਊਜ਼ੀਲੈਂਡ ਅਤੇ ਜਗਜੀਤ ਕੌਰ ਤੋਂ ਵੀ ਬੜਾ ਸਹਿਯੋਗ ਮਿਲ ਰਿਹਾ ਹੈ। ਅੱਜਕਲ੍ਹ ਭਾਈ ਗੁਰਮੇਜ ਸਿੰਘ ਸ੍ਰੀ ਗੂਰੂ ਗ੍ਰੰਥ ਸਾਹਿਬ ਜੀ ਦੀਆਂ ਬਰੇਲ ਲਿਪੀ ਪੋਥੀਆਂ ਦੀ ਤੀਜੀ ਵਾਰ ਸੁਧਾਈ (ਪਰੂਫ ਰੀਡਿੰਗ) ਪੂਰਨ ਗੁਰਮਰਿਆਦਾ ਅਨੁਸਾਰ ਕਰ ਰਹੇ ਹਨ ਤੇ 71 ਵਰ੍ਹਿਆਂ ਦੀ ਉਮਰ ਵਿਚ ਸਿਹਤ ਢਿੱਲੀ ਰਹਿਣ ਦੇ ਬਾਵਜੂਦ ਰੋਜ਼ਾਨਾ 8-9 ਘੰਟੇ ਸੇਵਾ ਦਾ ਇਹ ਕਾਰਜ ਕਰ ਰਹੇ ਹਨ। ਉਨ੍ਹਾਂ ਦੀ ਤਮੰਨਾ ਹੈ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਅਵਤਾਰ ਪੁਰਬ ਤੱਕ ਇਹ ਪੰਜ ਸਰੂਪ ਤਿਆਰ ਹੋ ਜਾਣ ਤੇ ਉਹ ਇਨ੍ਹਾਂ ਸਰੂਪਾਂ ਨੂੰ ਸਿੱਖ ਕੌਮ ਦੀ ਝੋਲੀ ਵਿਚ ਪਾ ਕੇ ਸੁਰਖਰੂ ਹੋ ਸਕਣ।

ਜਸਵੰਤ ਸਿੰਘ ਜੱਸ
-ਹਾਲ ਬਾਜ਼ਾਰ, ਅੰਮ੍ਰਿਤਸਰ।

 0183 255 2409,